ਟੀਕਾਕਰਨ ਦੀ ਹੋਰ ਮਜ਼ਬੂਤੀ, ਯੂ-ਵਿਨ ਅਤੇ ਈ-ਵਿਨ ਪੋਰਟਲ ਸਬੰਧੀ ਨਰਸਾਂ ਦੀ ਟ੍ਰੇਨਿੰਗ ਕਰਵਾਈ
ਰੂਪਨਗਰ, 6 ਮਈ 2024 : ਸਿਵਲ ਸਰਜਨ ਦਫ਼ਤਰ ਦੇ ਟ੍ਰੇਨਿੰਗ ਹਾਲ ਵਿਖੇ ਨਿਯਮਤ ਟੀਕਾਕਰਨ ਦੀ ਹੋਰ ਮਜ਼ਬੂਤੀ, ਯੂ-ਵਿਨ ਅਤੇ ਈ-ਵਿਨ ਪੋਰਟਲ ਸਬੰਧੀ ਡਿਲੀਵਰੀ ਪੁਆਇੰਟਾਂ ਤੇ ਕੰਮ ਕਰਦੀਆਂ ਸਟਾਫ ਨਰਸਾਂ ਦੀ ਟ੍ਰੇਨਿੰਗ ਆਯੋਜਿਤ ਕੀਤੀ ਗਈ।
ਇਸ ਮੌਕੇ ਸਿਵਲ ਸਰਜਨ ਡਾ. ਮਨੁ ਵਿਜ ਨੇ ਕਿਹਾ ਕਿ ਡਿਲੀਵਰੀ ਪ੍ਰੋਵਾਈਟਾਂ ਤੇ ਨਿਯਮਤ ਟੀਕਾਕਰਨ ਦੀ ਹੋਰ ਮਜ਼ਬੂਤੀ ਲਈ ਅਗਾਂਊ ਪਲਾਨਿੰਗ ਕਰਨ, ਟੀਕਾਕਰਨ ਲਈ ਸਮਾਂ ਸਾਰਨੀ ਫੋਲੋ ਕਰਨ, ਟੀਕਾਕਰਨ ਦੀ ਮਹੱਤਤਾ, ਯੂਵਿਨ ਪੋਰਟਲ 'ਤੇ ਲਾਭਪਾਤਰੀਆਂ ਦੀ 100 ਫੀਸਦੀ ਰਜਿਸਟ੍ਰੇਸ਼ਨ ਕਰਨ ਅਤੇ ਈ-ਵਿਨ ਨੂੰ ਅਸਰਦਾਰ ਢੰਗ ਨਾਲ ਚਲਾਉਣ ਲਈ ਕਿਹਾ।
ਇਸ ਮੌਕੇ ਉਨ੍ਹਾਂ ਟ੍ਰੇਨਿੰਗ ਦਿੰਦੇ ਹੋਏ ਦੱਸਿਆ ਕਿ ਯੂਨੀਵਰਸਲ ਇਮੂਨਾਈਜੇਸ਼ਨ ਪ੍ਰੋਗਰਾਮ ਤਹਿਤ ਪੀਲੀਆ, ਪੋਲੀਓ, ਤਪਦਿਕ, ਗਲਘੋਟੂ, ਕਾਲੀ ਖੰਘ, ਟੈਟਨੱਸ, ਨਿਮੋਨੀਆ ਤੇ ਦਿਮਾਗੀ ਬੁਖਾਰ, ਦਸਤ, ਖਸਰਾ ਤੇ ਰੂਬੇਲਾ ਅਤੇ ਅੰਧਰਾਤਾ ਵਰਗੀਆਂ 11 ਜਾਨਲੇਵਾ ਬਿਮਾਰੀਆਂ ਤੋਂ ਬਚਾਅ ਲਈ ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ। ਬੱਚਿਆਂ ਤੋਂ ਇਲਾਵਾ ਗਰਭਵਤੀ ਔਰਤਾਂ ਨੂੰ ਵੀ ਟੀਕੇ ਲਗਾਏ ਜਾਂਦੇ ਹਨ।
ਡਾ. ਨਵਰੂਪ ਕੌਰ ਜ਼ਿਲਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਸਿਹਤ ਵਿਭਾਗ, ਜੋ ਸਟਾਫ ਨਰਸਾਂ ਡਿਲੀਵਰੀ ਪੁਆਇੰਟਾਂ ਤੇ ਕੰਮ ਕਰਦੀਆਂ ਹਨ, ਉਹਨਾਂ ਸੰਸਥਾਵਾਂ ਵਿੱਚ ਜਦੋ ਬੱਚੇ ਦਾ ਜਨਮ ਹੁੰਦਾ ਹੈ ਹੈ ਤਾਂ ਜੋ ਬੱਚਿਆਂ ਦਾ ਜਨਮ ਸਮੇਂ ਟੀਕਾਕਰਨ ਕੀਤਾ ਜਾਂਦਾ ਹੈ ਤਾਂ ਉਸ ਨੂੰ ਸਟਾਫ ਨਰਸ ਵੱਲੋਂ ਉਸੇ ਸਮੇਂ ਹੀ ਟੀਕਿਆਂ ਦਾ ਰਿਕਾਰਡ ਆਨਲਾਈਨ ਯੂਵਿਨ ਪੋਰਟਲ ਤੇ ਕਰਨਾ ਹੁੰਦਾ ਹੈ।
ਪੰਜਾਬ ਨਿਯਮਤ ਟੀਕਾਕਰਨ ਪ੍ਰੋਗਰਾਮ ਤਹਿਤ 100 ਫੀਸਦ ਟੀਕਾਕਰਨ ਦੇ ਟੀਚੇ ਦੀ ਮੁਕੰਮਲ ਪ੍ਰਾਪਤੀ ਲਈ ਦ੍ਰਿੜ ਹੈ। ਇਸ ਸਬੰਧ ਵਿੱਚ, ਨਿਯਮਤ ਤੌਰ 'ਤੇ ਦਿੱਤੇ ਜਾਣ ਵਾਲੇ ਟੀਕਿਆਂ ਦੀ ਦਰ ਨੂੰ ਵਧਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ।
ਉਹਨਾ ਨੇ ਦੱਸਿਆ ਕਿ ਹਾਈਰਿਸਕ ਖੇਤਰਾਂ ਵਿਚ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਿਯਮਤ ਟੀਕਾਕਰਨ ਨੂੰ ਸੁਚਾਰੂ ਅਤੇ ਯੋਜਨਾਬੱਧ ਢੰਗ ਨਾਲ ਮਜ਼ਬੂਤ ਕਰਨ ਦੀ ਲੋੜ ਹੈ। ਸਾਨੂੰ ਇਸ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਬਣਾ ਕੇ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਨਵਰੂਪ ਕੌਰ ਨੇ ਨਿਯਮਤ ਟੀਕਾਕਰਨ, ਯੂ-ਵਿਨ ਅਤੇ ਈ-ਵਿਨ ਸਬੰਧੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਇਲਾਕਿਆਂ ਵਿਚ ਟੀਕਾਕਰਨ ਦੀ ਦਰ ਕਾਫੀ ਘੱਟ ਹੈ, ਉਨ੍ਹਾਂ ਇਲਾਕਿਆਂ ਵਿਚ ਵਿਸ਼ੇਸ਼ ਧਿਆਨ ਕੇਂਦਰਿਤ ਕਰਨਾ ਪਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਵਿੱਚ ਨਿਯਮਤ ਟੀਕਾਕਰਨ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਪ੍ਰਤੀ ਆਮ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨਾ ਜ਼ਰੂਰੀ ਹੈ। ਮਾਵਾਂ ਤੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਦੇ ਲਿਹਾਜ ਨਾਲ ਟੀਕਾਕਰਨ ਬਹੁਤ ਮਹੱਤਵਪੂਰਨ ਹੈ, ਕਿਉਂਕਿ ਟੀਕਾਕਰਨ ਦੁਆਰਾ ਦਿੱਤਾ ਗਿਆ ਟੀਕਾ ਸਬੰਧਤ ਬਿਮਾਰੀ ਨਾਲ ਲੜਨ ਲਈ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ।
ਇਸ ਮੌਕੇ ਵੱਖ-ਵੱਖ ਬਲਾਕਾਂ ਦੀਆਂ ਸਿਹਤ ਸੰਸਥਾਵਾਂ ਤੋਂ ਆਈਆਂ ਸਟਾਫ ਨਰਸਾਂ ਅਤੇ ਮਨਪ੍ਰੀਤ ਸਿੰਘ ਹਾਜ਼ਰ ਸੀ।